ThinkGO
ਮਦਦ ਲਓ
ਭਾਸ਼ਾ: ਪੰਜਾਬੀ
ਗੁੱਸਾ

ਜਦੋਂ ਗੁੱਸਾ ਹਾਵੀ ਹੋ ਜਾਵੇ: ਪਛਾਣੋ, ਰੁਕੋ, ਮੁੜ ਆਓ

ThinkGO ਵੱਲੋਂ4 ਨਵੰਬਰ 20266 ਮਿੰਟ ਦੀ ਪੜ੍ਹਤ

ਰੋਜ਼ਾਨਾ ਦਾ ਗੁੱਸਾ ਆਮ ਤੌਰ ’ਤੇ ਕਦਮਾਂ ਵਿੱਚ ਚੜ੍ਹਦਾ ਹੈ: ਕੋਈ ਛੇੜਨ ਵਾਲੀ ਗੱਲ, ਉਸ ਦੇ ਮਤਲਬ ਬਾਰੇ ਇੱਕ ਝਟਪਟ ਵਿਚਾਰ, ਸਰੀਰ ਵਿੱਚ ਇੱਕ ਉਬਾਲ, ਫਿਰ ਅਜਿਹੇ ਸ਼ਬਦ ਜਾਂ ਕੰਮ ਜਿਨ੍ਹਾਂ ’ਤੇ ਸ਼ਾਇਦ ਪਛਤਾਵਾ ਹੋਵੇ। ਇਨ੍ਹਾਂ ਕਦਮਾਂ ਨੂੰ ਪਛਾਣਨ ਨਾਲ ਤੁਹਾਨੂੰ ਚੁਣਨ ਲਈ ਇੱਕ ਪਲ ਮਿਲਦਾ ਹੈ। ਸੋਚਿਆ-ਸਮਝਿਆ ਟਾਈਮ-ਆਊਟ ਇਸੇ ਪਲ ਨੂੰ ਵਰਤਦਾ ਹੈ: ਤੁਸੀਂ ਕੁਝ ਸ਼ਾਂਤ ਸ਼ਬਦ ਕਹਿੰਦੇ ਹੋ, ਪਾਸੇ ਹਟਦੇ ਹੋ, ਟਿਕਦੇ ਹੋ, ਅਤੇ ਸ਼ੁਰੂ ਕੀਤੀ ਗੱਲ ਪੂਰੀ ਕਰਨ ਲਈ ਮੁੜ ਆਉਂਦੇ ਹੋ।

ਮੁੱਖ ਗੱਲਾਂ

  • ਗੁੱਸਾ ਇੱਕ ਆਮ ਭਾਵਨਾ ਹੈ; ਮੁਸ਼ਕਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਹ ਤੈਅ ਕਰਨ ਲੱਗੇ ਕਿ ਤੁਸੀਂ ਕੀ ਕਹਿੰਦੇ ਅਤੇ ਕਰਦੇ ਹੋ।
  • ਛੇੜਨ ਵਾਲੀ ਗੱਲ ਬਾਰੇ ਵਿਚਾਰ ਅਕਸਰ ਉਸ ਗੱਲ ਨਾਲੋਂ ਵੱਧ ਗੁੱਸਾ ਭੜਕਾਉਂਦਾ ਹੈ।
  • ਸਰੀਰ ਦੀਆਂ ਸ਼ੁਰੂਆਤੀ ਨਿਸ਼ਾਨੀਆਂ ਤੁਹਾਨੂੰ ਰੁਕਣ ਲਈ ਕੁਝ ਸਕਿੰਟ ਦਿੰਦੀਆਂ ਹਨ।
  • ਟਾਈਮ-ਆਊਟ ਸਭ ਤੋਂ ਵਧੀਆ ਉਦੋਂ ਕੰਮ ਕਰਦਾ ਹੈ ਜਦੋਂ ਉਸ ਦੀ ਯੋਜਨਾ ਪਹਿਲਾਂ ਬਣੀ ਹੋਵੇ ਅਤੇ ਉਸ ਵਿੱਚ ਹਮੇਸ਼ਾ ਮੁੜ ਆਉਣਾ ਸ਼ਾਮਲ ਹੋਵੇ।

ਕੀ ਗੁੱਸਾ ਆਉਣਾ ਗ਼ਲਤ ਹੈ?

ਨਹੀਂ। ਗੁੱਸਾ ਇੱਕ ਆਮ ਇਨਸਾਨੀ ਭਾਵਨਾ ਹੈ। ਇਹ ਅਕਸਰ ਉਦੋਂ ਆਉਂਦਾ ਹੈ ਜਦੋਂ ਕੁਝ ਬੇਇਨਸਾਫ਼ੀ ਲੱਗੇ, ਜਦੋਂ ਸਾਨੂੰ ਬੇਇੱਜ਼ਤੀ ਮਹਿਸੂਸ ਹੋਵੇ, ਜਾਂ ਜਦੋਂ ਸਾਡੀ ਪਰਵਾਹ ਵਾਲੀ ਕੋਈ ਚੀਜ਼ ਰੁਕ ਜਾਵੇ। ਇਹ ਕੰਮ ਦਾ ਵੀ ਹੋ ਸਕਦਾ ਹੈ: ਇਹ ਦੱਸਦਾ ਹੈ ਕਿ ਕੋਈ ਗੱਲ ਤੁਹਾਡੇ ਲਈ ਅਹਿਮ ਹੈ ਅਤੇ ਉਸ ਨੂੰ ਨਿਬੇੜਨ ਦੀ ਤਾਕਤ ਦੇ ਸਕਦਾ ਹੈ।

ਮੁਸ਼ਕਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਗੁੱਸਾ ਤੈਅ ਕਰਨ ਲੱਗੇ ਕਿ ਤੁਸੀਂ ਕੀ ਕਹਿੰਦੇ ਅਤੇ ਕਰਦੇ ਹੋ। ਕਿਸੇ ਪਿਆਰੇ ਨੂੰ ਤਿੱਖਾ ਜਵਾਬ, ਜ਼ੋਰ ਨਾਲ ਭੇੜਿਆ ਦਰਵਾਜ਼ਾ, ਗਰਮੀ ਵਿੱਚ ਭੇਜਿਆ ਸੁਨੇਹਾ। ਬਾਅਦ ਵਿੱਚ ਬਹੁਤ ਲੋਕ ਦੋਸ਼ੀ ਜਾਂ ਸ਼ਰਮਸਾਰ ਮਹਿਸੂਸ ਕਰਦੇ ਹਨ, ਅਤੇ ਅਸਲ ਮੁਸ਼ਕਲ ਉੱਥੇ ਹੀ ਹੁੰਦੀ ਹੈ, ਅਕਸਰ ਪਹਿਲਾਂ ਨਾਲੋਂ ਵੱਡੀ।

ਇਹ ਲੇਖ ਰੋਜ਼ਾਨਾ ਦੇ ਗੁੱਸੇ ਅਤੇ ਖਿਝ ਬਾਰੇ ਹੈ: ਜੀਵਨ ਸਾਥੀ ’ਤੇ ਤਿੱਖਾ ਬੋਲ ਪੈਣਾ, ਟ੍ਰੈਫ਼ਿਕ ਵਿੱਚ ਕਚੀਚੀਆਂ ਵੱਟਣਾ, ਦਫ਼ਤਰ ਵਿੱਚ ਉਬਲ ਪੈਣਾ। ਜੇ ਗੁੱਸੇ ਕਰਕੇ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ, ਜਾਂ ਜੇ ਘਰ ਵਿੱਚ ਕਿਸੇ ਨਾਲ ਤੁਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਤਾਂ ThinkGO ਇਸ ਲਈ ਨਹੀਂ ਬਣਾਇਆ ਗਿਆ; ਕਿਰਪਾ ਕਰਕੇ ਕਿਸੇ ਮਾਹਿਰ ਨਾਲ ਗੱਲ ਕਰੋ, ਅਤੇ ਕਿੱਥੋਂ ਸ਼ੁਰੂ ਕਰਨਾ ਹੈ ਇਹ ਜਾਣਨ ਲਈ ਮਦਦ ਲਓ ਦੇਖੋ।

ਗੁੱਸਾ ਏਨੀ ਤੇਜ਼ੀ ਨਾਲ ਕਿਉਂ ਚੜ੍ਹਦਾ ਹੈ?

ਗੁੱਸਾ ਅਕਸਰ ਪਲ ਵਿੱਚ ਆਇਆ ਲੱਗਦਾ ਹੈ, ਜਿਵੇਂ ਛੇੜਨ ਵਾਲੀ ਗੱਲ ਅਤੇ ਧਮਾਕਾ ਇੱਕੋ ਚੀਜ਼ ਹੋਣ। ਅਮਲ ਵਿੱਚ ਇਹ ਆਮ ਤੌਰ ’ਤੇ ਕਦਮਾਂ ਵਿੱਚ ਚੜ੍ਹਦਾ ਹੈ, ਅਤੇ ਹਰ ਕਦਮ ’ਤੇ ਤੁਸੀਂ ਦਖ਼ਲ ਦੇ ਸਕਦੇ ਹੋ।

  1. ਛੇੜਨ ਵਾਲੀ ਗੱਲ। ਕੋਈ ਤੁਹਾਡੀ ਗੱਲ ਵਿਚਾਲੇ ਟੋਕਦਾ ਹੈ, ਭਾਂਡੇ ਹਾਲੇ ਵੀ ਸਿੰਕ ਵਿੱਚ ਪਏ ਹਨ, ਕੋਈ ਡਰਾਈਵਰ ਅੱਗੇ ਆ ਵੜਦਾ ਹੈ।
  2. ਇਸ ਦੇ ਮਤਲਬ ਬਾਰੇ ਝਟਪਟ ਵਿਚਾਰ। “ਉਹ ਮੇਰੀ ਇੱਜ਼ਤ ਨਹੀਂ ਕਰਦਾ।” “ਉਹ ਜਾਣ-ਬੁੱਝ ਕੇ ਇਹ ਕਰ ਰਹੀ ਹੈ।”
  3. ਸਰੀਰ ਵਿੱਚ ਉਬਾਲ। ਦਿਲ ਤੇਜ਼ ਧੜਕਣਾ, ਚਿਹਰਾ ਤਪਣਾ, ਜਬਾੜਾ ਕੱਸਣਾ, ਮੁੱਠੀਆਂ ਘੁੱਟਣਾ, ਆਵਾਜ਼ ਉੱਚੀ ਹੋਣਾ।
  4. ਕੁਝ ਕਰਨ ਦੀ ਖਿੱਚ। ਚੀਕਣ ਦੀ, ਚੁਭਵੀਂ ਗੱਲ ਕਹਿਣ ਦੀ, ਬਿਨਾਂ ਕੁਝ ਕਹੇ ਉੱਠ ਕੇ ਚਲੇ ਜਾਣ ਦੀ।

ਦੂਜੇ ਕਦਮ ਵੱਲ ਲੋਕਾਂ ਦਾ ਸਭ ਤੋਂ ਘੱਟ ਧਿਆਨ ਜਾਂਦਾ ਹੈ, ਅਤੇ ਇਹੀ ਸਭ ਤੋਂ ਵੱਧ ਮਾਇਨੇ ਰੱਖਦਾ ਹੈ। ਇੱਕੋ ਛੇੜਨ ਵਾਲੀ ਗੱਲ ਥੋੜ੍ਹੀ ਖਿਝ ਵਾਲੀ ਵੀ ਲੱਗ ਸਕਦੀ ਹੈ ਅਤੇ ਭੜਕਾਉਣ ਵਾਲੀ ਵੀ, ਇਸ ਗੱਲ ’ਤੇ ਨਿਰਭਰ ਕਰਦਿਆਂ ਕਿ ਉਸ ਨਾਲ ਕਿਹੜਾ ਵਿਚਾਰ ਆਉਂਦਾ ਹੈ। “ਉਹ ਥੱਕਿਆ ਹੋਇਆ ਹੈ ਅਤੇ ਭੁੱਲ ਗਿਆ” ਦਾ ਅਸਰ “ਉਹ ਕਦੇ ਮੇਰੀ ਗੱਲ ਸੁਣਦਾ ਹੀ ਨਹੀਂ” ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ।

ਦੋ ਸੋਚ ਦੇ ਜਾਲ ਖ਼ਾਸ ਤੌਰ ’ਤੇ ਅਕਸਰ ਗੁੱਸੇ ਨੂੰ ਹਵਾ ਦਿੰਦੇ ਹਨ। “ਚਾਹੀਦਾ” ਵਾਲੇ ਵਾਕ ਦੂਜਿਆਂ ਲਈ ਨਿਯਮ ਬਣਾਉਂਦੇ ਹਨ: “ਲੋਕਾਂ ਨੂੰ ਝੱਟ ਜਵਾਬ ਦੇਣਾ ਚਾਹੀਦਾ ਹੈ।” ਜਦੋਂ ਉਹ ਨਹੀਂ ਦਿੰਦੇ, ਤਾਂ ਲੱਗਦਾ ਹੈ ਕੋਈ ਨਿਯਮ ਟੁੱਟ ਗਿਆ। ਮਨ ਪੜ੍ਹਨਾ ਦੂਜਿਆਂ ਦੀ ਨੀਅਤ ਆਪੇ ਭਰ ਦਿੰਦਾ ਹੈ: “ਉਹ ਮੈਨੂੰ ਮੂਰਖ ਸਾਬਤ ਕਰਨਾ ਚਾਹੁੰਦੀ ਹੈ।” ਅਕਸਰ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਸੇ ਦਾ ਮਤਲਬ ਕੀ ਸੀ, ਪਰ ਗੁੱਸਾ ਇੰਝ ਵਰਤਦਾ ਹੈ ਜਿਵੇਂ ਪਤਾ ਹੋਵੇ।

ਗੁੱਸੇ ਨੂੰ ਛੇਤੀ ਕਿਵੇਂ ਪਛਾਣਾਂ?

ਬਹੁਤੇ ਲੋਕਾਂ ਵਿੱਚ ਗੁੱਸਾ ਹਾਵੀ ਹੋਣ ਤੋਂ ਪਹਿਲਾਂ ਕੁਝ ਸ਼ੁਰੂਆਤੀ ਚਿਤਾਵਨੀਆਂ ਦਿਸਦੀਆਂ ਹਨ। ਇਹ ਹਰ ਵਿਅਕਤੀ ਵਿੱਚ ਵੱਖਰੀਆਂ ਹੁੰਦੀਆਂ ਹਨ, ਇਸ ਲਈ ਆਪਣੀਆਂ ਪਛਾਣਨੀਆਂ ਮਦਦ ਕਰਦਾ ਹੈ। ਆਮ ਨਿਸ਼ਾਨੀਆਂ ਵਿੱਚ ਸ਼ਾਮਲ ਹਨ:

  • ਸਰੀਰ ਵਿੱਚ: ਚਿਹਰਾ ਤਪਣਾ, ਦਿਲ ਦੀ ਧੜਕਣ ਤੇਜ਼ ਹੋਣਾ, ਮੋਢੇ ਖਿੱਚੇ ਜਾਣਾ, ਹੱਥ ਘੁੱਟੇ ਜਾਣਾ।
  • ਆਵਾਜ਼ ਵਿੱਚ: ਉੱਚਾ ਜਾਂ ਤੇਜ਼ ਬੋਲਣਾ, ਲਹਿਜਾ ਤਿੱਖਾ ਹੋਣਾ।
  • ਵਿਚਾਰਾਂ ਵਿੱਚ: “ਹਮੇਸ਼ਾ” ਅਤੇ “ਕਦੇ ਨਹੀਂ”, ਦੂਜੇ ਦੀ ਕਹੀ ਗੱਲ ਮਨ ਵਿੱਚ ਦੁਹਰਾਉਣਾ, ਮੋੜਵਾਂ ਜਵਾਬ ਘੜਨਾ।

ਗੁੱਸੇ ਦਾ ਲੌਗ ਆਪਣਾ ਪੈਟਰਨ ਸਿੱਖਣ ਦਾ ਇੱਕ ਸੌਖਾ ਤਰੀਕਾ ਹੈ। ਗੁੱਸੇ ਵਾਲੇ ਪਲ ਤੋਂ ਬਾਅਦ, ਸ਼ਾਂਤ ਹੋ ਕੇ, ਕੁਝ ਲਾਈਨਾਂ ਲਿਖੋ: ਕੀ ਹੋਇਆ, ਤੁਹਾਨੂੰ ਉਸ ਦਾ ਕੀ ਮਤਲਬ ਲੱਗਿਆ, 0 ਤੋਂ 10 ਤੱਕ ਕਿੰਨਾ ਗੁੱਸਾ ਸੀ, ਤੁਸੀਂ ਕੀ ਕੀਤਾ, ਅਤੇ ਅੱਗੇ ਕੀ ਹੋਇਆ। ਇੱਕ-ਦੋ ਹਫ਼ਤਿਆਂ ਬਾਅਦ ਆਮ ਤੌਰ ’ਤੇ ਪੈਟਰਨ ਦਿਸਣ ਲੱਗਦੇ ਹਨ: ਉਹੀ ਛੇੜਨ ਵਾਲੀਆਂ ਗੱਲਾਂ, ਉਹੀ ਵਿਚਾਰ, ਦਿਨ ਦਾ ਉਹੀ ਵੇਲਾ।

ਗੁੱਸੇ ਦਾ ਲੌਗ ਅਭਿਆਸ ਤੁਹਾਨੂੰ ਇਹ ਸਵਾਲ ਇੱਕ-ਇੱਕ ਕਰਕੇ ਪੁੱਛਦਾ ਹੈ।

ਗੁੱਸੇ ਦਾ ਲੌਗ ਕਿਹੋ ਜਿਹਾ ਦਿਸਦਾ ਹੈ?

ਇੱਕ ਮਨਘੜਤ ਉਦਾਹਰਨ:

  • ਸਥਿਤੀ: “ਮੇਰੇ ਜੀਵਨ ਸਾਥੀ ਨੇ ਕਿਹਾ ਕਿ ਮੈਥੋਂ ਫਿਰ ਗੱਡੀ ਦੀ ਸਰਵਿਸ ਬੁੱਕ ਕਰਨੀ ਰਹਿ ਗਈ।”
  • ਵਿਚਾਰ: “ਉਹ ਮੈਨੂੰ ਬੇਕਾਰ ਸਮਝਦਾ ਹੈ। ਉਹ ਹਮੇਸ਼ਾ ਹਿਸਾਬ ਰੱਖਦਾ ਹੈ।”
  • ਗੁੱਸਾ: 10 ਵਿੱਚੋਂ 8।
  • ਮੈਂ ਕੀ ਕੀਤਾ: “ਆਵਾਜ਼ ਉੱਚੀ ਕਰ ਕੇ ਉਹ ਸਭ ਗਿਣਾ ਦਿੱਤਾ ਜੋ ਉਹ ਇਸ ਸਾਲ ਭੁੱਲਿਆ ਹੈ।”
  • ਅੱਗੇ ਕੀ ਹੋਇਆ: “ਅਸੀਂ ਘੰਟਾ ਭਰ ਬਹਿਸਦੇ ਰਹੇ। ਗੱਡੀ ਦੀ ਸਰਵਿਸ ਹਾਲੇ ਵੀ ਬੁੱਕ ਨਹੀਂ ਹੋਈ।”
  • ਦੇਖਣ ਦਾ ਹੋਰ ਤਰੀਕਾ: “ਉਸ ਨੂੰ ਕੰਮ ’ਤੇ ਪਹੁੰਚਣ ਦੀ ਕਾਹਲੀ ਸੀ। ਉਸ ਨੇ ‘ਫਿਰ’ ਕਿਹਾ, ਪਰ ਇਸ ਮਹੀਨੇ ਇਹ ਪਹਿਲੀ ਵਾਰ ਹੈ।”

ਮਕਸਦ ਇਹ ਤੈਅ ਕਰਨਾ ਨਹੀਂ ਕਿ ਕੌਣ ਸਹੀ ਸੀ। ਮਕਸਦ ਛੇੜਨ ਵਾਲੀ ਗੱਲ ਅਤੇ ਪ੍ਰਤੀਕਿਰਿਆ ਵਿਚਕਾਰਲਾ ਉਹ ਕਦਮ ਦੇਖਣਾ ਹੈ, ਜਿੱਥੇ ਕੋਈ ਵੱਖਰਾ ਵਿਚਾਰ ਜਾਂ ਇੱਕ ਠਹਿਰਾਅ ਅੱਗੇ ਹੋਣ ਵਾਲੀ ਗੱਲ ਬਦਲ ਸਕਦਾ ਹੈ।

ਟਾਈਮ-ਆਊਟ ਕੀ ਹੈ, ਅਤੇ ਕਿਵੇਂ ਲਵਾਂ?

ਟਾਈਮ-ਆਊਟ ਇੱਕ ਸੋਚਿਆ-ਸਮਝਿਆ ਠਹਿਰਾਅ ਹੈ। ਜਦੋਂ ਤੁਸੀਂ ਆਪਣੀਆਂ ਸ਼ੁਰੂਆਤੀ ਚਿਤਾਵਨੀਆਂ ਦੇਖਦੇ ਹੋ, ਤਾਂ ਕੁਝ ਸ਼ਾਂਤ ਸ਼ਬਦ ਕਹਿੰਦੇ ਹੋ, ਪਾਸੇ ਹਟਦੇ ਹੋ, ਕੁਝ ਅਜਿਹਾ ਕਰਦੇ ਹੋ ਜਿਸ ਨਾਲ ਟਿਕਾਅ ਆਵੇ, ਅਤੇ ਸ਼ਾਂਤ ਹੋਣ ’ਤੇ ਗੱਲ ਪੂਰੀ ਕਰਨ ਲਈ ਮੁੜ ਆਉਂਦੇ ਹੋ।

ਯੋਜਨਾ ਹੀ ਇਸ ਨੂੰ ਕੰਮ ਕਰਨ ਯੋਗ ਬਣਾਉਂਦੀ ਹੈ। ਬਹਿਸ ਦੇ ਵਿਚਕਾਰ ਕੋਈ ਵੀ ਏਨਾ ਸਾਫ਼ ਨਹੀਂ ਸੋਚ ਸਕਦਾ ਕਿ ਨਿਕਲਣ ਦਾ ਚੰਗਾ ਤਰੀਕਾ ਘੜ ਲਵੇ। ਇਸ ਲਈ ਤੁਸੀਂ ਪਹਿਲਾਂ ਹੀ ਤੈਅ ਕਰਦੇ ਹੋ:

  1. ਆਪਣੀਆਂ ਚਿਤਾਵਨੀ ਨਿਸ਼ਾਨੀਆਂ, ਤਾਂ ਜੋ ਪਤਾ ਹੋਵੇ ਕਿ ਯੋਜਨਾ ਕਦੋਂ ਵਰਤਣੀ ਹੈ।
  2. ਤੁਸੀਂ ਕੀ ਕਹੋਗੇ, ਛੋਟਾ ਅਤੇ ਸ਼ਾਂਤ: “ਮੈਨੂੰ ਗੁੱਸਾ ਬਹੁਤ ਚੜ੍ਹ ਰਿਹਾ ਹੈ, ਇਸ ਵੇਲੇ ਠੀਕ ਗੱਲ ਨਹੀਂ ਹੋਣੀ। ਮੈਨੂੰ ਪੰਦਰਾਂ ਮਿੰਟ ਚਾਹੀਦੇ ਹਨ, ਫਿਰ ਇਹ ਗੱਲ ਪੂਰੀ ਕਰਨੀ ਹੈ।”
  3. ਤੁਸੀਂ ਕਿੱਥੇ ਜਾਓਗੇ, ਕਿਤੇ ਨੇੜੇ: ਦੂਜਾ ਕਮਰਾ, ਘਰ ਦੇ ਬੂਹੇ ਤੋਂ ਬਾਹਰ, ਛੋਟੀ ਜਿਹੀ ਸੈਰ।
  4. ਟਿਕਣ ਲਈ ਤੁਸੀਂ ਕੀ ਕਰੋਗੇ, ਜਿਵੇਂ ਹੌਲੀ ਸਾਹ, ਪਾਣੀ ਦਾ ਗਲਾਸ, ਜਾਂ ਮੁਹੱਲੇ ਦਾ ਇੱਕ ਗੇੜਾ। ਅਜਿਹੀਆਂ ਚੀਜ਼ਾਂ ਨਹੀਂ ਜੋ ਗੁੱਸੇ ਨੂੰ ਹੋਰ ਭੜਕਾਉਣ, ਜਿਵੇਂ ਬਹਿਸ ਮਨ ਵਿੱਚ ਦੁਹਰਾਉਣਾ ਜਾਂ ਪੁਰਾਣੇ ਸੁਨੇਹੇ ਫਰੋਲਣਾ।
  5. ਤੁਸੀਂ ਕਦੋਂ ਅਤੇ ਕਿਵੇਂ ਮੁੜੋਗੇ। ਇਹੀ ਹਿੱਸਾ ਲੋਕ ਛੱਡ ਦਿੰਦੇ ਹਨ, ਅਤੇ ਇਹੀ ਸਭ ਤੋਂ ਵੱਧ ਮਾਇਨੇ ਰੱਖਦਾ ਹੈ।

ਟਾਈਮ-ਆਊਟ ਪਲਾਨ ਅਭਿਆਸ ਹਰ ਹਿੱਸਾ ਪਹਿਲਾਂ ਹੀ ਲਿਖਣ ਵਿੱਚ ਮਦਦ ਕਰਦਾ ਹੈ, ਤਾਂ ਜੋ ਲੋੜ ਵੇਲੇ ਇਹ ਤਿਆਰ ਹੋਵੇ।

ਕੀ ਉੱਠ ਕੇ ਚਲੇ ਜਾਣਾ ਮੁਸ਼ਕਲ ਤੋਂ ਭੱਜਣਾ ਨਹੀਂ?

ਹੋ ਸਕਦਾ ਹੈ, ਜੇ ਤੁਸੀਂ ਕਦੇ ਮੁੜੋ ਹੀ ਨਾ। ਮੁੜ ਆਉਣ ਤੋਂ ਬਿਨਾਂ ਟਾਈਮ-ਆਊਟ ਸਾਹਮਣੇ ਵਾਲੇ ਨੂੰ ਇੰਝ ਲੱਗ ਸਕਦਾ ਹੈ ਜਿਵੇਂ ਉਸ ਲਈ ਬੂਹਾ ਬੰਦ ਕਰ ਦਿੱਤਾ ਗਿਆ ਹੋਵੇ, ਅਤੇ ਮੁਸ਼ਕਲ ਹੱਲ ਨਹੀਂ ਹੁੰਦੀ। ਇਸੇ ਲਈ ਮੁੜਨਾ ਯੋਜਨਾ ਦਾ ਹਿੱਸਾ ਹੈ, ਅਤੇ ਇਸੇ ਲਈ ਦੋਵਾਂ ਦੇ ਸ਼ਾਂਤ ਹੁੰਦਿਆਂ ਟਾਈਮ-ਆਊਟ ਬਾਰੇ ਇਕੱਠੇ ਸਹਿਮਤ ਹੋਣਾ ਮਦਦ ਕਰਦਾ ਹੈ।

ਕਿਸੇ ਸ਼ਾਂਤ ਪਲ ਵਿੱਚ ਇਹ ਵਿਚਾਰ ਸਮਝਾਓ: “ਜਦੋਂ ਮੈਨੂੰ ਲੱਗੇ ਕਿ ਗੁੱਸਾ ਬਹੁਤ ਚੜ੍ਹ ਰਿਹਾ ਹੈ, ਤਾਂ ਮੇਰੀ ਯੋਜਨਾ ਹੈ ਕਿ ਵਿਰਾਮ ਮੰਗ ਲਵਾਂ ਅਤੇ ਪੰਦਰਾਂ ਮਿੰਟਾਂ ਵਿੱਚ ਮੁੜ ਆਵਾਂ। ਇਹ ਤੁਹਾਨੂੰ ਛੱਡ ਕੇ ਜਾਣਾ ਨਹੀਂ। ਇਹ ਇਸ ਲਈ ਹੈ ਕਿ ਮੇਰੇ ਮੂੰਹੋਂ ਕੋਈ ਅਜਿਹੀ ਗੱਲ ਨਾ ਨਿਕਲੇ ਜਿਸ ’ਤੇ ਬਾਅਦ ਵਿੱਚ ਪਛਤਾਵਾ ਹੋਵੇ।”

ਮੁੜ ਕੇ ਆਓ ਤਾਂ ਬਹਿਸ ਤੋਂ ਨਹੀਂ, ਮੁਸ਼ਕਲ ਤੋਂ ਸ਼ੁਰੂ ਕਰੋ। “ਗੱਡੀ ਵਾਲੀ ਗੱਲ ਤਾਂ ਹਾਲੇ ਵੀ ਨਿਬੇੜਨੀ ਹੈ। ਕੀ ਆਪਾਂ ਇਕੱਠੇ ਕੈਲੰਡਰ ਦੇਖ ਲਈਏ?” ਦਾ ਜਵਾਬ ਦੇਣਾ “ਤੁਹਾਡੇ ਟੋਕਣ ਤੋਂ ਪਹਿਲਾਂ ਮੇਰੀ ਗੱਲ ਇਹ ਸੀ ਕਿ…” ਨਾਲੋਂ ਸੌਖਾ ਹੈ।

ਲੰਮੇ ਸਮੇਂ ਵਿੱਚ ਕੀ ਮਦਦ ਕਰਦਾ ਹੈ?

ਟਾਈਮ-ਆਊਟ ਉਸ ਪਲ ਨੂੰ ਸੰਭਾਲਦਾ ਹੈ। ਹਫ਼ਤਿਆਂ ਦੇ ਦੌਰਾਨ ਕੁਝ ਹੋਰ ਗੱਲਾਂ ਆਮ ਤੌਰ ’ਤੇ ਇਹ ਘਟਾਉਂਦੀਆਂ ਹਨ ਕਿ ਗੁੱਸਾ ਕਿੰਨੀ ਵਾਰ ਉਬਲ ਕੇ ਬਾਹਰ ਆਉਂਦਾ ਹੈ:

  • ਵਿਚਾਰ ਲੱਭੋ। ਗੁੱਸੇ ਦੇ ਲੌਗ ਵਿੱਚ ਲਿਖਦਿਆਂ ਪੁੱਛੋ ਕਿ ਦੂਜੇ ਵਿਅਕਤੀ ਦੇ ਕੀਤੇ ਦਾ ਹੋਰ ਕੀ ਕਾਰਨ ਹੋ ਸਕਦਾ ਹੈ।
  • ਆਪਣੀ ਲੋੜ ਪਹਿਲਾਂ ਦੱਸੋ। ਗੁੱਸਾ ਅਕਸਰ ਅਣਕਹੀਆਂ ਛੋਟੀਆਂ ਗੱਲਾਂ ਤੋਂ ਜੁੜਦਾ ਹੈ। ਸੋਮਵਾਰ ਨੂੰ “ਅੱਜ ਰਾਤ ਭਾਂਡਿਆਂ ਵਿੱਚ ਮੈਨੂੰ ਮਦਦ ਚਾਹੀਦੀ ਹੈ” ਕਹਿ ਦੇਣਾ ਸ਼ੁੱਕਰਵਾਰ ਦੇ ਧਮਾਕੇ ਨੂੰ ਰੋਕ ਸਕਦਾ ਹੈ।
  • ਬੁਨਿਆਦੀ ਗੱਲਾਂ ਦਾ ਖ਼ਿਆਲ ਰੱਖੋ। ਥਕਾਵਟ, ਭੁੱਖ ਅਤੇ ਤਣਾਅ ਸਭ ਸਬਰ ਘਟਾਉਂਦੇ ਹਨ। ਬਹੁਤ ਲੋਕ ਦੇਖਦੇ ਹਨ ਕਿ ਉਨ੍ਹਾਂ ਦਾ ਗੁੱਸੇ ਦਾ ਲੌਗ ਉਨ੍ਹਾਂ ਦਿਨਾਂ ਭਰਦਾ ਹੈ ਜਦੋਂ ਨੀਂਦ ਮਾੜੀ ਆਈ ਹੋਵੇ।
  • ਜੋ ਠੀਕ ਰਿਹਾ ਉਸ ਵੱਲ ਧਿਆਨ ਦਿਓ। ਉਹ ਮੌਕੇ ਲਿਖੋ ਜਦੋਂ ਤੁਸੀਂ ਰੁਕੇ ਅਤੇ ਇਸ ਨਾਲ ਮਦਦ ਮਿਲੀ। ਇਹ ਸਬੂਤ ਹਨ ਕਿ ਤੁਸੀਂ ਇਹ ਮੁੜ ਕਰ ਸਕਦੇ ਹੋ।

ਹੋਰ ਮਦਦ ਕਦੋਂ ਲਵਾਂ?

ਜੇ ਜ਼ਿਆਦਾਤਰ ਦਿਨ ਗੁੱਸਾ ਕਾਬੂ ਕਰਨਾ ਔਖਾ ਲੱਗਦਾ ਹੈ, ਜੇ ਇਹ ਤੁਹਾਡੇ ਰਿਸ਼ਤਿਆਂ ਜਾਂ ਕੰਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਜਾਂ ਜੇ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਤੁਹਾਨੂੰ ਡਰ ਹੈ ਕਿ ਪਹੁੰਚਾ ਸਕਦੇ ਹੋ, ਤਾਂ ਕਿਰਪਾ ਕਰਕੇ ਆਪਣੇ ਡਾਕਟਰ ਜਾਂ ਕਿਸੇ ਮਾਨਸਿਕ ਸਿਹਤ ਮਾਹਿਰ ਨਾਲ ਗੱਲ ਕਰੋ। ਜੇ ਇਸ ਵੇਲੇ ਕੋਈ ਖ਼ਤਰੇ ਵਿੱਚ ਹੈ, ਤਾਂ ਆਪਣੇ ਸਥਾਨਕ ਐਮਰਜੈਂਸੀ ਨੰਬਰ ’ਤੇ ਕਾਲ ਕਰੋ।

ਅਜ਼ਮਾ ਕੇ ਦੇਖੋ

ਗੁੱਸੇ ਦਾ ਲੌਗ3–5 ਮਿੰਟਟਾਈਮ-ਆਊਟ ਪਲਾਨ3 ਮਿੰਟ

ਜਲਦੀ App Store 'ਤੇ: ਜਨਵਰੀ 2027

ਸਰੋਤ

  • Get help with anger. NHS.
  • Novaco, R. W. (1975). Anger control: The development and evaluation of an experimental treatment. Lexington Books.
  • Beck, R., & Fernandez, E. (1998). Cognitive-behavioral therapy in the treatment of anger: A meta-analysis. Cognitive Therapy and Research, 22(1), 63–74.

ਲੇਖ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਇੱਕ ਵਿਅਕਤੀ ਹਰ ਸਰੋਤ ਖੋਲ੍ਹ ਕੇ ਜਾਂਚਦਾ ਹੈ।

ਹੋਰ ਪੜ੍ਹੋ